As of 2 July 2024, our online forms will be changing.  The current forms will no longer be available, and we kindly request any saved forms to be submitted by the same date.  The replacement forms will be available by 3 July 2024

‘ਨਿੱਜਤਾ ਜਾਗਰੂਕਤਾ ਹਫਤਾ 2021’ (3-9 ਮਈ) ਲਈ ਅਸੀਂ ਆਸਟ੍ਰੇਲੀਆਈ ਭਾਈਚਾਰਿਆਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਨਿੱਜਤਾ ਨੂੰ ਆਪਣੇ ਰੋਜ਼ ਦੇ ਜੀਵਨ ਵਿੱਚ ਤਰਜੀਹ ਦੇਣ।

ਭਾਵੇਂ ਤੁਸੀਂ ਘਰ ਹੋ ਜਾਂ ਬਾਹਰ ਤੁਰ-ਫਿਰ ਰਹੇ ਹੋ, ਆਨਲਾਈਨ ਤੁਹਾਡੀ ਨਿੱਜਤਾ ਦੀ ਸੁਰੱਖਿਆ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਅਸੀਂ 10 ਅਸਾਨ ਅਤੇ ਅਸਰਦਾਰ ਸੁਝਾਅ ਤਿਆਰ ਕੀਤੇ ਹਨ। ਇਹ ਵਿਚਾਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਣਗੇ ਫਿਰ ਭਾਵੇਂ ਤੁਸੀਂ ਵੈਬ ਬ੍ਰਾਉਜ਼ ਕਰ ਰਹੇ ਹੋਵੋ, ਆਨਲਾਈਨ ਖਰੀਦਦਾਰੀ ਕਰ ਰਹੇ ਹੋਵੋ ਜਾਂ ਆਪਣੇ ਪਿਆਰਿਆਂ ਨਾਲ ਜੁੜ ਰਹੇ ਹੋਵੋ।

ਬਹੁ-ਕਾਰਕ ਪ੍ਰਮਾਣਿਕਤਾ (multi-factor authentication) ਅਤੇ ਮਜ਼ਬੂਤ ਪਾਸ-ਵਾਕਾਂ (strong passphrases) ਦੀ ਵਰਤੋਂ ਕਰੋ

ਜਦੋਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਤੁਹਾਡੀ ਨਿੱਜਤਾ ਦੀ ਰੱਖਿਆ ਦੀ ਗੱਲ ਹੁੰਦੀ ਹੈ, ਤਾਂ ਬਹੁ-ਕਾਰਕ ਪ੍ਰਮਾਣਿਕਤਾ ਦੀ ਵਰਤੋਂ, ਸੁਰੱਖਿਆ ਦੀ ਪਹਿਲੀ ਸਤਿਹ ਵਜੋਂ ਕੰਮ ਕਰਦੀ ਹੈ। ਜੇ ਇਹ ਉਪਲਬਧ ਨਾ ਹੋਵੇ, ਤਾਂ ਤੁਹਾਡੀ ਬਹੁਮੁੱਲੀ ਨਿੱਜੀ ਜਾਣਕਾਰੀ ਅਤੇ ਇੱਕ ਖਤਰਨਾਕ ਅਤੇ ਅਪਰਾਧਕ ਹਮਲੇ ਵਿੱਚਕਾਰ ਸ਼ਾਇਦ ਇੱਕ ਮਜ਼ਬੂਤ ਪਾਸ-ਵਾਕ ਹੀ ਇਕੱਲੀ ਰੁਕਾਵਟ ਹੋਵੇਗਾ। ਸਭ ਤੋਂ ਜ਼ਿਆਦਾ ਸੁਰੱਖਿਅਤ ਪਾਸ-ਵਾਕ ਲੰਮੇ, ਗੁੰਝਲਦਾਰ ਅਤੇ ਅੰਦਾਜ਼ਾ ਨਾ ਲਗਾਏ ਜਾਣ ਯੋਗ (unpredictable) ਹੁੰਦੇ ਹਨ, ਤਾਂ ਜੋ ਇਹ ਮਸ਼ੀਨਾਂ ਵੱਲੋਂ ਪਤਾ ਲਗਾਏ ਜਾਣ ਵਿੱਚ ਪਾਸਵਰਡਾਂ ਦੀ ਤੁਲਨਾ ਵਿੱਚ ਜ਼ਿਆਦਾ ਔਖੇ ਹੁੰਦੇ ਹਨ। ਆਪਣੇ ਸਾਰੇ ਅਕਾਊਂਟਾਂ ਲਈ ਵਿਲੱਖਣੇ ਪਾਸ-ਵਾਕ ਤਿਆਰ ਕਰੋ ਜੋ ਕਿ ਕੁਝ ਸ਼ਬਦਾਂ ਨਾਲ ਬਣੇ ਹੋਣ ਅਤੇ ਵੱਡੇ ਅਤੇ ਛੋਟੇ ਅੱਖਰਾਂ, ਅੰਕਾਂ ਅਤੇ ਵਿਸ਼ੇਸ਼ ਚਿਨ੍ਹਾਂ ਦੇ ਸੁਮੇਲ ਨਾਲ ਬਣੇ ਹੋਣ।

ਵਧੇਰੇ ਪੜ੍ਹੋ

ਜੇ ਤੁਹਾਡੀ ਡਾਟਾ ਦੀ ਉਲੰਘਣਾ ਹੁੰਦੀ ਹੈ, ਤਾਂ ਇਸ ਬਾਰੇ ਛੇਤੀ ਹੀ ਕਾਰਵਾਈ ਕਰੋ

2020 ਵਿੱਚ, OAIC ਨੂੰ ਡਾਟਾ ਉਲੰਘਣਾ ਦੀਆਂ 1,000 ਨਾਲੋਂ ਵੱਧ ਘਟਨਾਵਾਂ ਬਾਰੇ ਸੂਚਨਾ ਦਿੱਤੀ ਗਈ ਸੀ। ਜੇ ਕਿਸੇ ਡਾਟਾ ਉਲੰਘਣਾ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਸ਼ਾਮਲ ਹੁੰਦੀ ਹੈ, ਤਾਂ ਤੁਹਾਨੂੰ ਜਲਦੀ ਹੀ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਨੁਕਸਾਨ ਪਹੁੰਚਣ ਦੇ ਖਤਰੇ ਨੂੰ ਘਟਾਇਆ ਜਾ ਸਕੇ। ਉਲੰਘਣਾ ਦੀ ਕਿਸਮ ਉੱਤੇ ਨਿਰਭਰ ਕਰਦੇ ਹੋਏ, ਜੋ ਕਦਮ ਤੁਸੀਂ ਚੁੱਕ ਸਕਦੇ ਹੋ, ਉਨ੍ਹਾਂ ਵਿੱਚ ਸ਼ਾਮਲ ਹਨ ਆਪਣੇ ਲੌਗ-ਇਨ ਦੇ ਵੇਰਵਿਆਂ ਨੂੰ ਬਦਲਣਾ, ਸਕੈਮ ਈਮੇਲਾਂ ਉੱਤੇ ਨਜ਼ਰ ਬਣਾਈ ਰੱਖਣੀ ਅਤੇ ਸ਼ੱਕੀ ਗਤੀਵਿਧੀ ਉੱਤੇ ਨਜ਼ਰ ਰੱਖਦੇ ਹੋਏ, ਆਪਣੇ ਅਕਾਊਂਟ ਦੇ ਵੇਰਵਿਆਂ (statements) ਨੂੰ ਜਾਂਚਣਾ।

ਵਧੇਰੇ ਪੜ੍ਹੋ

ਨਿੱਜਤਾ ਬਾਰੇ ਆਪਣੇ ਬੱਚਿਆਂ ਨਾਲ ਗੱਲਾਂ ਕਰੋ

5 ਆਸਟ੍ਰੇਲੀਆਈ ਮਾਪਿਆਂ ਵਿੱਚੋਂ ਦੋ ਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਕਿ ਆਨਲਾਇਨ, ਆਪਣੇ ਬੱਚੇ ਦੀ ਨਿੱਜੀ ਜਾਣਕਾਰੀ ਦੀ ਸੁਰਖੀਆ ਕਿਵੇਂ ਕਰਨੀ ਹੈ। ਬੱਚਿਆਂ ਨੂੰ ਆਨਲਾਇਨ ਸੁਰੱਖਿਅਤ ਰੱਖਣ ਦੀ ਸ਼ੁਰੂਆਤ, ਉਨ੍ਹਾਂ ਨਾਲ ਨਿੱਜਤਾ ਬਾਰੇ ਅਤੇ ਇਸ ਬਾਰੇ ਗੱਲਾਂ ਕਰ ਕੇ ਹੁੰਦੀ ਹੈ, ਕਿ ਉਨ੍ਹਾਂ ਨੂੰ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ। ਇਸ ਨਾਲ ਨਿੱਜਤਾ ਬਾਰੇ ਜਾਗਰੁਕਤਾ ਲਿਆਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਇਹ ਬੱਚਿਆਂ ਨੂੰ ਪ੍ਰੇਰਨਾ ਦਿੰਦਾ ਹੈ ਕਿ ਉਹ ਆਨਲਾਇਨ ਆਪਣੇ ਆਪ ਦੀ ਸੁਰੱਖਿਆ ਕਰਨ ਵਾਲੇ ਫੈਸਲੇ ਲੈਣ।

ਵਧੇਰੇ ਪੜ੍ਹੋ

ਆਪਣੀ ਸੁਰੱਖਿਆ (ਸਿਕਿਉਰਟੀ) ਨੂੰ ਅੱਪਡੇਟ ਕਰੋ

ਆਪਣੇ ਆੱਪਰੇਟਿਂਗ ਸਿਸਟਮ, ਸਾੱਫਟਵੇਅਰ ਅਤੇ ਐਪਸ ਦੀਆਂ ਆਟੋਮੈਟਿਕ ਅੱਪਡੇਟਸ ਨੂੰ ਚਾਲੂ ਕਰ ਲਉ ਤਾਂ ਜੋ ਤੁਹਾਡੀ ਸੁਰੱਖਿਆ ਹਮੇਸ਼ਾ ਨਵੀਨਤਮ ਰਹੇ। ਇਹ ਤੁਸੀਂ ਆਪਣੀ ਡਿਵਾਈਸ ਜਾਂ ਸਾੱਫਟਵੇਅਰ ਦੀਆਂ ਸੈਟਿੰਗਜ਼ ਵਿੱਚ ਜਾ ਕੇ ਕਰ ਸਕਦੇ ਹੋ। ਡਾਟਾ ਦੀ ਉਲੰਘਣਾ ਹੋਣ ਦੇ ਖਤਰੇ ਨੂੰ ਘਟਾਉਣ ਲਈ ਆਪਣੇ ਕੰਪਿਊਟਰ ਵਿੱਚ ਭਰੋਸੇਯੋਗ ਸਿਕਿਉਰਟੀ ਸਾੱਫਟਵੇਅਰ ਇੰਸਟਾਲ ਕਰਨਾ ਯਾਦ ਰੱਖੋ, ਜਾਂ ਤੁਹਾਡੇ ਆੱਪਰੇਟਿਂਗ ਸਿਸਟਮ ਅੰਦਰ ਬਣੀਆਂ ਹੋਈਆਂ ਸੁਰੱਖਿਆਵਾਂ ਨੂੰ ਚਾਲੂ (ਐਕਟੀਵੇਟ) ਕਰ ਲਉ। ਕਿਸੇ ਨਾਮੀ ਐਂਟੀ-ਵਾਈਰਸ ਸਾੱਫਟਵੇਅਰ ਦੀ ਭਾਲ ਕਰੋ ਜੋ ਕਿ ਮਾਲਵੇਅਰ, ਐਡਵੇਅਰ ਅਤੇ ਸਪਾਈਵੇਅਰ ਨੂੰ ਫੜ੍ਹ ਸਕੇ ਅਤੇ ਉਸ ਤੋਂ ਤੁਹਾਡੀ ਸੁਰੱਖਿਆ ਕਰ ਸਕਦਾ ਹੋਵੇ।

ਵਧੇਰੇ ਪੜ੍ਹੋ

ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਾਂਚ ਕਰ ਲਵੋ

ਆਪਣੀ ਨਿੱਜੀ ਜਾਣਕਾਰੀ ਦੇਣ ਤੋਂ ਪਹਿਲਾਂ ਹਮੇਸ਼ਾ ਪੁੱਛੋ ਕਿ ਕਿਉਂ, ਕਿਵੇਂ ਅਤੇ ਕਿਸ ਨੂੰ। ਭਾਵੇਂ ਆਹਮੋ-ਸਾਮ੍ਹਣੇ ਹੋਵੇ ਜਾਂ ਆਨਲਾਈਨ, ਆਪਣੀ ਨਿੱਜੀ ਜਾਣਕਾਰੀ ਉਸ ਵਕਤ ਤੱਕ ਨਾ ਦਿਉ ਜੱਦ ਤੱਕ ਕਿ ਤੁਹਾਨੂੰ ਇਸ ਗੱਲ ਦੀ ਸਮਝ ਨਾ ਹੋਵੇ ਅਤੇ ਤੁਸੀਂ ਇਸ ਵਿੱਚ ਆਰਾਮ ਮਹਿਸੂਸ ਨਾ ਕਰੋ ਕਿ ਤੁਹਾਡੀ ਜਾਣਕਾਰੀ ਨੂੰ ਕਿਵੇਂ ਅਤੇ ਕਿੱਥੇ ਵਰਤਿਆ ਜਾਵੇਗਾ। ਕੋਈ ਵੀ ਵਪਾਰ ਜੋ ਕਿ ਨਿੱਜਤਾ ਕਾਨੂੰਨ ਦੇ ਹੇਠ ਆਉਂਦਾ ਹੈ, ਜਾਂ ਕੋਈ ਆਸਟ੍ਰੇਲੀਆਈ ਸਰਕਾਰੀ ਏਜੰਸੀ, ਨਿੱਜੀ ਜਾਣਕਾਰੀ ਨੂੰ ਸਿਰਫ਼ ਤਾਂ ਹੀ ਇਕੱਤਰ ਕਰ ਸਕਦੇ ਹਨ ਜੇ ਅਜਿਹਾ ਕਰਨਾ ਉਨ੍ਹਾਂ ਦੇ ਕੰਮਕਾਜ ਲਈ, ਵਾਜਬ ਤੌਰ ਤੇ ਜ਼ਰੂਰੀ ਹੋਵੇ।

ਵਧੇਰੇ ਪੜ੍ਹੋ

ਆਨਲਾਈਨ ਖਰੀਦਦਾਰੀ ਸੁਰੱਖਿਅਤ ਢੰਗ ਨਾਲ ਕਰੋ

50 ਲੱਖ ਨਾਲੋਂ ਵੀ ਵੱਧ ਆਸਟ੍ਰੇਲੀਆਈ ਘਰਾਨਿਆਂ ਨੇ ਜਨਵਰੀ 2021 ਵਿੱਚ ਆਨਲਾਈਨ ਖਰੀਦਦਾਰੀ ਕੀਤੀ ਸੀ। ਆਨਲਾਈਨ ਖਰੀਦਦਾਰੀ ਕਰਦੇ ਸਮੇਂ, ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਇਹ ਮਹੱਤਵਪੂਰਨ ਹੈ ਕਿ ਖਰੀਦ ਸੁਰੱਖਿਅਤ ਤਰੀਕੇ ਨਾਲ ਕੀਤੀ ਜਾਵੇ।

ਨਾਮੀ, ਖਾਸੀ-ਸਮੀਖਿਆ ਕੀਤੇ ਜਾ ਚੁੱਕੇ ਮਾਰਕੇ ਜਿਨ੍ਹਾਂ ਦੀਆਂ ਸੁਰੱਖਿਅਤ ਵੈੱਬਸਾਈਟਾਂ ਹੋਣ, ਉਨ੍ਹਾਂ ਤੋਂ ਖਰੀਦਦਾਰੀ ਕਰੋ - ਅਜਿਹੇ URL ਵੇਖੋ ਜੋ ਕਿ ‘https’ ਤੋਂ ਸ਼ੁਰੂ ਹੁੰਦੇ ਹੋਣ ਅਤੇ ਜਿਨ੍ਹਾਂ ਉੱਤੇ ਬੰਦ ਤਾਲੇ ਵਾਲਾ ਚਿਨ੍ਹ ਬਣਿਆ ਹੋਵੇ। ਭੁਗਤਾਨ ਦੇ ਸੁਰੱਖਿਅਤ ਤਰੀਕਿਆਂ ਦੀ ਵਰਤੋਂ ਕਰੋ ਜਿਵੇਂ ਕਿ ਪੇਪੈਲ (PayPal), BPay ਜਾਂ ਫਿਰ ਤੁਹਾਡਾ ਕ੍ਰੈਡਿਟ ਕਾਰਡ - ਬੈਂਕ ਜਮ੍ਹਾਂ ਰਾਸ਼ੀਆਂ, ਪੈਸੇ ਟ੍ਰਾਂਸਫ਼ਰ ਜਾਂ ਬਿੱਟਕੁਅਇਨ (Bitcoin) ਵਰਗੇ ਹੋਰ ਤਰੀਕਿਆਂ ਦੀ ਵਰਤੋਂ ਨਾ ਕਰੋ।   ਅਤੇ ਵਿਚਾਰ ਕਰੋ ਕਿ ਕਿਸੇ ਇਨਾਮ ਜਾਂ ਸਾਮ੍ਹਣੇ ਰੱਖੀ ਗਈ ਕਿਸੇ ਪੇਸ਼ਕਸ਼ ਦੇ ਬਦਲੇ ਤੁਹਾਨੂੰ ਕਿੰਨੀ ਨਿੱਜੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।

ਵਧੇਰੇ ਪੜ੍ਹੋ

ਆਪਣੀਆਂ ਨਿੱਜਤਾ ਦੀਆਂ ਸੈਟਿੰਗਜ਼ ਅੱਪਡੇਟ ਕਰੋ

ਕੀ ਤੁਸੀਂ ਜਾਣਦੇ ਹੋ ਕਿ ਕੂਕੀ (cookie) ਕੀ ਹੁੰਦੀ ਹੈ? ਕੂਕੀ ਇੱਕ ਛੋਟੀ ਜਿਹੀ ਡਾਟਾ ਦੀ ਫ਼ਾਈਲ ਨੂੰ ਕਿਹਾ ਜਾਂਦਾ ਹੈ ਜੋ ਕਿ ਤੁਹਾਡੇ ਜੰਤਰ ਦੇ ਬਰਾਊਜ਼ਰ ਵਿੱਚ ਸਟੋਰ ਹੋ ਜਾਂਦੀ ਹੈ, ਜੋ  ਇਹ ਨਿਗਰਾਨੀ ਰੱਖਣ ਵਿੱਚ ਵੈੱਬਸਾਈਟ ਦੀ ਸਹਾਇਤਾ ਕਰਦੀ ਹੈ ਕਿ ਤੁਸੀਂ ਉਸ ਵੈੱਬਸਾਈਟ 'ਤੇ ਕਦੋਂ ਕਦੋਂ ਗਏ ਅਤੇ ਤੁਸੀਂ ਉਸ 'ਤੇ ਕੀ ਕੀ ਕੀਤਾ। ਆਨਲਾਇਨ ਇਸ਼ਤਿਹਾਰਬਾਜ਼ੀ ਕਰਨ ਲਈ, ਕੂਕੀਆਂ ਦੀ ਵਰਤੋਂ ਤੁਹਾਡੀ ਬ੍ਰਾਉਜ਼ਿੰਗ ਦੀਆਂ ਆਦਤਾਂ ਅਤੇ ਤੁਹਾਡੇ ਰੁਝਾਨਾਂ ਦੀ ਇੱਕ ਤਸਵੀਰ ਖਿੱਚਣ ਲਈ ਕੀਤੀ ਜਾ ਸਕਦੀ ਹੈ। ਆਪਣੇ ਬਰਾਊਜ਼ਰ ਦੀ ਨਿੱਜਤਾ ਸਬੰਧੀ ਸੈਟਿੰਗਜ਼ ਵਿੱਚ ਆਪਣੇ  ਵਿਵਹਾਰਕ ਡਾਟਾ ਤੱਕ ਦੀ ਪਹੁੰਚ ਨੂੰ ਸੀਮਤ ਕਰ ਲਵੋ।  ਸੈਟਿੰਗਜ਼ ਨੂੰ ਬਦਲਦੇ ਵੇਲੇ, ਆਪਣੇ ਫ਼ੋਨ ਅਤੇ ਐਪਸ ਦੀ ‘ਲੋਕੇਸ਼ਨ ਟ੍ਰੈਕਿੰਗ’ (ਤੁਸੀਂ ਕਿਸ ਵਕਤ ਕਿੱਥੇ ਹੋ ਇਸ ਦੀ ਜਾਣਕਾਰੀ) ਨੂੰ ਸੀਮਤ ਕਰਨ ਬਾਰੇ ਵਿਚਾਰ ਕਰੋ ਤਾਂ ਜੋ ਤੁਰਦੇ ਫਿਰਦੇ ਆਪਣੀ ਨਿੱਜਤਾ ਦੀ ਸੁਰੱਖਿਆ ਕਰ ਸਕੋ।

ਵਧੇਰੇ ਪੜ੍ਹੋ

‘ਫਿਸ਼ਿੰਗ’ ਘੁਟਾਲਿਆਂ ਤੋਂ ਸਾਵਧਾਨ ਰਹੋ

‘ਫਿਸ਼ਿੰਗ’ ਇੱਕ ਤਰੀਕਾ ਹੁੰਦਾ ਹੈ ਜਿਸ ਨਾਲ ਘੁਟਾਲਾ ਕਰਨ ਵਾਲੇ, ਕੋਈ ਹੋਰ ਬਣ ਕੇ ਤੁਹਾਡੇ ਨਾਲ ਅਜਿਹਾ ਧੋਖਾ ਕਰਦੇ ਹਨ ਕਿ ਤੁਸੀਂ ਆਪਣੀ ਜਾਣਕਾਰੀ ਦੇ ਬੈਠਦੇ ਹੋ। ਫਿਸ਼ਿੰਗ ਸੰਦੇਸ਼ ਅਕਸਰ ਅਸਲੀ ਪਰਤੀਤ ਹੁੰਦੇ ਹਨ ਅਤੇ ਇਹ ਤੁਹਾਡੇ ਅੰਦਰ ਕੋਈ ਡਰ ਪਾ ਦਿੰਦੇ ਹਨ ਜਾਂ ਅਜਿਹਾ ਕਹਿੰਦੇ ਹਨ ਕਿ ਤਤਕਾਲ ਹੀ ਕੁਝ ਕਰਨ ਦੀ ਲੋੜ ਹੈ।

ਤੁਹਾਡੇ ਨਿੱਜੀ ਵੇਰਵਿਆਂ ਲਈ ਅਚਾਨਕ ਆ ਰਹੀਆਂ ਬੇਨਤੀਆਂ ਪ੍ਰਤੀ ਸਾਵਧਾਨ ਰਹੋ। ਸੁਨੇਹੇ ਵਿੱਚ ਦਿੱਤੇ ਗਏ ਕਿਸੇ ਵੀ ਲਿੰਕ ਉੱਪਰ ਕਲਿੱਕ ਨਾ ਕਰੋ ਅਤੇ ਨਾ ਹੀ ਜਵਾਬ ਵਿੱਚ ਆਪਣੀ ਕੋਈ ਨਿੱਜੀ ਜਾਣਕਾਰੀ ਦਿਉ, ਕਿਉਂਕਿ ਹੋ ਸਕਦਾ ਹੈ ਕਿ ਇਹ ਨਕਲੀ ਹੋਵੇ।

ਜੇ ਤੁਹਾਨੂੰ ਕਦੇ ਵੀ ਸੰਦੇਹ ਹੋਵੇ, ਤਾਂ ਉਸ ਵਿਅਕਤੀ ਜਾਂ ਸੰਸਥਾ ਨੂੰ ਇਹ ਜਾਂਚਣ ਲਈ ਸੰਪਰਕ ਕਰੋ ਕਿ ਕੀ ਸਹੀ ਵਿੱਚ ਉਨ੍ਹਾਂ ਨੇ ਤੁਹਾਨੂੰ ਉਹ ਸੰਦੇਸ਼ ਭੇਜਿਆ ਸੀ, ਅਤੇ ਉਨ੍ਹਾਂ ਦਾ ਨਾਂ ਸਰਚ ਕਰ ਕੇ ਅਤੇ ਉਸ ਸੰਸਥਾ ਦੀ ਅਧਿਕਾਰਕ ਵੈੱਬਸਾਈਟ ਜਾਂ ਹੋਰ ਕਿਸੇ ਅਧਿਕਾਰਕ ਸਰੋਤ ਉੱਤੇ ਦੱਸੇ ਗਏ ਉਨ੍ਹਾਂ ਦੇ ਵੇਰਵਿਆਂ ਰਾਹੀਂ ਹੀ ਉਨ੍ਹਾਂ ਨਾਲ ਸੰਪਰਕ ਕਰੋ।

ਵਧੇਰੇ ਪੜ੍ਹੋ

ਆਪਣੀਆਂ ਡਿਵਾਈਸਾਂ ਨੂੰ ਸੁਰੱਖਿਅਤ ਕਰ ਲਉ

ਭੌਤਿਕ ਤੌਰ ‘ਤੇ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨਾ, ਤੁਹਾਡੀ ਨਿੱਜਤਾ ਨੂੰ ਸੁਰੱਖਿਅਤ ਕਰੇਗਾ ਅਤੇ ਤੁਹਾਡੀ ਪਛਾਣ ਦੀ ਚੋਰੀ (identity theft) ਹੋਣ ਦੇ ਖਤਰੇ ਨੂੰ ਘਟਾਵੇਗਾ। ਹਮੇਸ਼ਾ ਆਪਣੀਆਂ ਡਿਵਾਈਸਾਂ ਨੂੰ ਇੱਕ ਵਿਲੱਖਣੇ ਪਿੰਨ ਜਾਂ ਕਿਸੇ ਹੋਰ ਸੁਰੱਖਿਆ ਉਪਾਅ ਨਾਲ ਸੁਰੱਖਿਅਤ ਕਰੋ, ਡਿਵਾਈਸ ਨੂੰ ਸੁੱਟਣ ਤੋਂ ਪਹਿਲਾਂ ਸਹੀ ਤਰੀਕੇ ਨਾਲ ਨਿੱਜੀ ਜਾਣਕਾਰੀ ਨੂੰ ਨਸ਼ਟ ਕਰ ਦਿਉ, ਅਤੇ ਡਿਵਾਇਸ ਨੂੰ ਛੱਡਣ ਤੋਂ ਪਹਿਲਾਂ ਉਸ ਵਿੱਚੋਂ ਸੁਰੱਖਿਅਤ ਢੰਗ ਨਾਲ ਆਪਣਾ ਡਾਟਾ ਡਿਲੀਟ ਕਰ ਦਿਉ। ਇਸ ਵਿੱਚ ਸ਼ਾਮਲ ਹੈ ਸਾਰੀਆਂ ਪੋਰਟੇਬਲ ਸਟੋਰੇਜ ਡਿਵਾਈਸਾਂ ਜਿਵੇਂ ਕਿ ਮੈਮਰੀ ਸਟਿਕਸ ਜਾਂ ਐਕਸਟਰਨਲ (ਬਾਹਰੀ) ਹਾਰਡ ਡਰਾਈਵਜ਼।

ਵਧੇਰੇ ਪੜ੍ਹੋ

ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਸਾਂਝਾ ਕਰੋ

ਮਹਾਂਮਾਰੀ ਵਿੱਚ ਹੁਣ ਜਿਵੇਂ ਆਪਾਂ ਆਨਲਾਈਨ ਹੋਰ ਸਮਾਂ ਗੁਜ਼ਾਰ ਰਹੇ ਹਾਂ ਅਤੇ ਹੋਰ ਜ਼ਿਆਦਾ ਨਿੱਜੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਸਾਡੀ ਡਿਜੀਟਲ ਛਾਪ, ਨਿੱਜਤਾ ਨਾਲ ਜੁੜੇ ਖਤਰੇ ਪੈਦਾ ਕਰ ਦਿੰਦੀ ਹੈ। ਆਨਲਾਈਨ ਜੁੜੇ ਰਹਿਣਾ ਚੰਗੀ ਗੱਲ ਹੈ ਪਰ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਨੂੰ ਵੀ ਧਿਆਨ ਵਿੱਚ ਰੱਖੋ। ਤੁਸੀਂ ਜਨਤਕ ਤੌਰ ਤੇ ਕੀ ਸਾਂਝਾ ਕਰਦੇ ਹੋ ਅਤੇ ਜਿਨ੍ਹਾਂ ਲੋਕਾਂ ਉੱਪਰ ਤੁਹਾਡਾ ਭਰੋਸਾ ਹੈ ਉਨ੍ਹਾਂ ਨਾਲ ਕੀ ਸਾਂਝਾ ਕਰਦੇ ਹੋ, ਇਨ੍ਹਾਂ  ਦੇ ਵਿੱਚਕਾਰ ਸੀਮਾਵਾਂ ਖਿੱਚ ਲਉ, ਅਤੇ ਆਪਣੇ ਸਾਰੇ ਬਰਾਊਜ਼ਰਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਸਮਾਰਟਫੋਨ ਦੀਆਂ ਨਿੱਜਤਾ ਦੀਆਂ ਸੈਟਿੰਗਜ਼ ਦੀ ਸਮੀਖਿਆ ਕਰਨ ਲਈ ਥੋੜਾ ਸਮਾਂ ਕੱਢੋ।

ਵਧੇਰੇ ਪੜ੍ਹੋ

ਹੋਰ ਸੁਝਾਅ

ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਵਿੱਚ ਤੁਹਾਡੇ ਸਹਾਇਤਾ ਕਰਨ ਲਈ ਸਾਡੇ ਹੋਰ ਸਰੋਤ ਵੇਖੋ: