-
On this page
ਗਾਹਕ ਡਾਟਾ ਸਬੰਧੀ ਹੱਕ ਅਤੇ ਤੁਹਾਡੀ ਨਿੱਜਤਾ
ਗਾਹਕ ਡਾਟਾ ਸਬੰਧੀ ਹੱਕ ਕੀ ਹਨ?
ਗਾਹਕ ਡਾਟਾ ਹੱਕ (Consumer Data Right) (CDR) ਤੁਹਾਨੂੰ ਤੁਹਾਡੇ ਡਾਟਾ (ਤੁਹਾਡੇ ਬਾਰੇ ਜਾਣਕਾਰੀ) ਉੱਪਰ ਵਧੇਰਾ ਨਿਯੰਤਰਣ ਦਿੰਦੇ ਹਨ, ਜਿਸ ਵਿੱਚ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕਿਸੇ ਵਿਸ਼ਵਸਪਾਤਰ ਤੀਜੇ ਧਿਰ ਦੇ ਨਾਲ ਸਾਂਝਾ ਕਰਨ ਦੀ ਸਮਰੱਥਾ ਵੀ ਸ਼ਾਮਲ ਹੈ। ਇਹ 18 ਸਾਲ ਤੋਂ ਵੱਧ ਦੀ ਉਮਰ ਦੇ ਗਾਹਕਾਂ, ਅਤੇ ਵਪਾਰਾਂ ਦੇ ਲਈ ਉਪਲਬਧ ਹੈ।
CDR ਦਾ ਉਦੇਸ਼ ਹੈ ਤੁਹਾਨੂੰ ਤੁਹਾਡੇ ਪੈਸਿਆਂ, ਸਹੂਲਤਾਂ ਅਤੇ ਹੋਰ ਸੇਵਾਵਾਂ ਉੱਤੇ ਨਜ਼ਰ ਰੱਖਣ ਵਿੱਚ ਮਦਦ ਕਰਨੀ, ਅਤੇ ਸਨਮੁਖ ਵੱਖ ਵੱਖ ਸੇਵਾਵਾਂ ਦੀ ਤੁਲਨਾ, ਅਤੇ ਇੱਕ ਤੋਂ ਦੂਸਰੀ ਵਿੱਚ ਤਬਦੀਲ ਕਰਨ ਨੂੰ ਹੋਰ ਅਸਾਨ ਬਣਾਉਣਾ।
CDR ਇਹ ਉਦੇਸ਼ ਵੀ ਰੱਖਦਾ ਹੈ ਕਿ ਸੇਵਾ ਪ੍ਰਦਾਨ ਕਰਨ ਵਾਲਿਆਂ ਦਰਮਿਆਨ ਨਵੀਨੀਕਰਣ ਅਤੇ ਮੁਕਾਬਲੇ ਨੂੰ ਵਧਾਇਆ ਜਾਵੇ, ਜਿਸ ਨਾਲ ਤੁਹਾਨੂੰ ਤੁਹਾਡੀਆਂ ਲੋੜਾਂ ਨਾਲ ਮੇਲ ਖਾਂਦੀਆਂ ਸੇਵਾਵਾਂ ਤੱਕ ਪਹੁੰਚਣ ਵਿੱਚ ਮਦਦ ਮਿਲ ਸਕੇ।
ਇਸ ਦੀ ਸ਼ੁਰੂਆਤ ਬੈਕਿੰਗ ਖੇਤਰ ਵਿੱਚ ਜੁਲਾਈ 2020 ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਊਰਜਾ ਅਤੇ ਦੂਰ ਸੰਚਾਰ ਸਮੇਤ, ਅਰਥ-ਵਿਵਸਥਾ ਦੇ ਦੂਸਰੇ ਖੇਤਰਾਂ ਵਿੱਚ ਸ਼ੁਰੂ ਕੀਤਾ ਜਾਵੇਗਾ।
CDR ਪ੍ਰਣਾਲੀ ਦੀ ਬਣਤਰ ਇਸ ਹਿਸਾਬ ਦੀ ਹੈ ਕਿ ਤੁਹਾਡੇ ਡਾਟਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਨਿੱਜਤਾ ਦੀ ਸੁਰੱਖਿਆ ਦੇ ਮਜ਼ਬੂਤ ਤਰੀਕੇ ਇਸ ਪ੍ਰਣਾਲੀ ਦੇ ਅੰਦਰ ਹੀ ਬਣਾਏ ਗਏ ਹਨ, ਅਤੇ ਕੋਈ ਪ੍ਰਦਾਨਕਰਤਾ (provider) ਤੁਹਾਡੇ ਡਾਟਾ ਤੱਕ ਸਿਰਫ਼ ਤਾਂ ਪਹੁੰਚ ਸਕਦਾ ਹੈ ਜੇ ਉਹ ਮਾਨਤਾ ਪ੍ਰਾਪਤ ਹੋਵੇ ਅਤੇ ਜੇ ਤੁਸੀਂ ਇਸ ਦੀ ਇਜਾਜ਼ਤ ਦਿੱਤੀ ਹੋਵੇ।
ਔਸਟ੍ਰੇਲੀਅਨ ਜਾਣਕਾਰੀ ਕਮਿਸ਼ਨਰ ਦਾ ਦਫ਼ਤਰ (OAIC) CDR ਪ੍ਰਣਾਲੀ ਦੇ ਨਿੱਜਤਾ ਸਬੰਧੀ ਪਹਿਲੂਆਂ ਨੂੰ ਲਾਗੂ ਕਰਦਾ ਹੈ ਅਤੇ ਤੁਹਾਡਾ CDR ਦਾ ਡਾਟਾ ਕਿਵੇਂ ਸੰਭਾਲਿਆ ਗਿਆ ਹੈ ਇਸ ਬਾਰੇ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਾਲ ਨਜਿੱਠਦਾ ਹੈ।
ਔਸਟ੍ਰੇਲੀਅਨ ਮੁਕਾਬਲੇਬਾਜੀ ਅਤੇ ਖਪਤਕਾਰ ਕਮੀਸ਼ਨ (Australian Competition and Consumer Commission) (ACCC) ਦੀ ਜ਼ਿੰਮੇਵਾਰੀ ਹੁੰਦੀ ਹੈ ਸੇਵਾ ਪ੍ਰਦਾਨਕਰਤਾਵਾਂ ਨੂੰ ਮਾਨਤਾ ਪ੍ਰਦਾਨ ਕਰਨੀ ਅਤੇ CDR ਦੇ ਨਿਯਮਾਂ ਨੂੰ ਲਾਗੂ ਕਰਨਾ।
CDR ਡਾਟਾ ਕੀ ਹੈ?
ਤੁਹਾਡੇ CDR ਦੇ ਡਾਟਾ ਵਿੱਚ ਸ਼ਾਮਲ ਹੁੰਦੀ ਹੈ ਤੁਹਾਡੇ ਬਾਰੇ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਂ ਅਤੇ ਸੰਪਰਕ ਵੇਰਵੇ, ਅਤੇ ਨਾਲ ਹੀ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਕਿ ਤੁਸੀਂ ਕਿਸੇ ਉਤਪਾਦ ਜਾਂ ਸੇਵਾ ਨੂੰ ਕਿਵੇਂ ਇਸਤੇਮਾਲ ਕਰਦੇ ਹੋ।
ਤੁਹਾਡਾ CDR ਕਿਸੇ ‘ਡਾਟਾ ਧਾਰਕ’ ਵੱਲੋਂ ਰੱਖਿਆ ਜਾਂਦਾ ਹੈ ਜਿਵੇਂ ਕਿ ਕੋਈ ਬੈਂਕ ਜਾਂ ਕੋਈ ਹੋਰ ਸੇਵਾ ਪ੍ਰਦਾਨਕਰਤਾ।
ਮੈਂ ਆਪਣਾ CDR ਡਾਟਾ ਕਿਵੇਂ ਪ੍ਰਾਪਤ ਕਰਾਂ ਜਾਂ ਸਾਂਝਾ ਕਰਾਂ?
CDR ਅਧੀਨ, ਤੁਸੀਂ ਆਪਣਾ ਡਾਟਾ ਸੁਰੱਖਿਅਤ ਤਰੀਕੇ ਨਾਲ ਤੁਹਾਡੇ ਪਸੰਦ ਦੇ ਕਿਸੇ ਮਾਨਤਾ ਪ੍ਰਾਪਤ ਪ੍ਰਦਾਨਕਰਤਾ ਦੇ ਨਾਲ ਸਾਂਝਾ ਕਰ ਸਕਦੇ ਹੋ। ਪ੍ਰਦਾਨਕਰਤਾਵਾਂ (Providers) ਨੂੰ ‘ਮਾਨਤਾ ਪ੍ਰਾਪਤ ਡਾਟਾ ਪ੍ਰਾਪਤਕਰਤਾ’ (accredited data recipients) ਵੀ ਕਿਹਾ ਜਾਂਦਾ ਹੈ।
ਤੁਸੀਂ ਆਪਣੇ CDR ਡਾਟਾ ਦਾ ਇਸਤੇਮਾਲ ਨਵੀਆਂ ਸੇਵਾਵਾਂ ਦੀ ਪੜਤਾਲ, ਤੁਲਨਾ ਅਤੇ ਪ੍ਰਾਪਤੀ ਕਰਨ ਦੇ ਲਈ ਕਰ ਸਕਦੇ ਹੋ। ਉਦਾਹਰਣ ਦੇ ਲਈ, ਤੁਸੀਂ ਆਪਣਾ ਡਾਟਾ ਸ਼ਾਇਦ ਕਿਸੇ ਅਜਿਹੇ ਪ੍ਰਦਾਨਕਰਤਾ ਦੇ ਨਾਲ ਸਾਂਝਾ ਕਰਨ ਦੀ ਚੋਣ ਕਰੋਗੇ ਜੋ ਕਿ ਬਜਟ ਬਣਾਉਣ ਦੀ ਜਾਂ ਬਚਤ ਦੀ ਐਪ ਦੀ ਪੇਸ਼ਕਸ਼ ਕਰਦਾ ਹੈ।
CDR ਤੁਹਾਨੂੰ ਚੋਣ ਕਰਣ ਦਿੰਦਾ ਹੈ:
- ਕਿਹੜੇ ਪ੍ਰਦਾਨਕਰਤਾ ਤੁਹਾਡਾ ਡਾਟਾ ਵੇਖ ਸਕਦੇ ਹਨ ਜਾਂ ਇਸਤੇਮਾਲ ਕਰ ਸਕਦੇ ਹਨ
- ਕਿਸ ਤਰੀਕੇ ਦਾ ਡਾਟਾ ਟ੍ਰਾਂਸਫ਼ਰ (ਤਬਾਦਲਾ) ਕੀਤਾ ਜਾਣਾ ਚਾਹੀਦਾ ਹੈ
- ਤੁਹਾਡਾ ਡਾਟਾ ਕਿਸ ਮਕਸਦ ਲਈ ਇਸਤੇਮਾਲ ਕੀਤਾ ਜਾਵੇ
- ਤੁਹਾਡੇ ਡਾਟੇ ਦੇ ਸਾਂਝੇ ਕੀਤੇ ਜਾਣ ਨੂੰ ਕਿਸ ਵੇਲੇ ਰੋਕ ਲੈਣਾ ਚਾਹੀਦਾ ਹੈ
- ਤੁਸੀਂ ਤੁਹਾਡੇ ਡਾਟੇ ਨੂੰ ਨਸ਼ਟ ਕਰ ਦਿੱਤੇ ਜਾਣ ਲਈ ਕਹਿ ਸਕੋ ਜੇ ਉਹਅੱਗੇ ਨਾ ਚਾਹੀਦਾ ਹੋਵੇ
ਇੱਕ ਵਰ ਜਦੋਂ ਤੁਸੀਂ ਕੋਈ ਮਾਨਤਾ ਪ੍ਰਾਪਤ ਪ੍ਰਦਾਨਕਰਤਾ ਚੁਣ ਲੈਂਦੇ ਹੋ, ਤਾਂ ਕਿਸੇ ‘ਡਾਟਾ ਧਾਰਕ’ ਜਿਵੇਂ ਕਿ ਕੋਈ ਬੈਂਕ ਕੋਲੋਂ ਤੁਹਾਡੇ CDR ਡਾਟਾ ਦੀ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਉਹ ਪ੍ਰਦਾਨਕਰਤਾ ਤੁਹਾਡਾ ਮਾਰਗ ਦਰਸ਼ਨ ਕਰਣਗੇ।
ਤੁਹਾਨੂੰ ਇਜਾਜ਼ਤ ਦੇਣ ਦੀ ਲੋੜ ਹੋਵੇਗੀ ਕਿ ਇਸ ਵਿੱਚ ਸ਼ਾਮਲ ਦੋਵੇਂ ਵਪਾਰਾਂ ਨਾਲ ਤੁਹਾਡਾ ਡਾਟਾ ਸਾਂਝਾ ਕੀਤਾ ਜਾਵੇ।
ਮੈਂ ਇਜਾਜ਼ਤ ਕਿਵੇਂ ਦੇਵਾਂ?
ਤੁਹਾਡੇ ਡਾਟਾ ਦੇ ਪ੍ਰਾਪਤ ਕੀਤੇ ਜਾਣ ਲਈ ਇਜਾਜ਼ਤ ਦੇਣਾ, ਤੁਹਾਡੀ ਨਿੱਜਤਾ ਦੀ ਸੁਰੱਖਿਆ ਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕੋਈ ਵੀ ਮਾਨਤਾ ਪ੍ਰਾਪਤ ਪ੍ਰਦਾਨਕਰਤਾ ਤੁਹਾਡਾ CDR ਡਾਟਾ ਸਿਰਫ਼ ਤੁਹਾਡੀ ਇਜਾਜ਼ਤ ਨਾਲ ਹੀ ਪ੍ਰਾਪਤ ਕਰ ਸਕਦਾ ਹੈ।
ਤੁਹਾਡੀ ਮਰਜ਼ੀ ਤੁਹਾਡੀ ਸਵੈ-ਇੱਛਾ ਮੁਤਾਬਕ ਹੋਣੀ ਚਾਹੀਦੀ ਹੈ ਅਤੇ ਸਪਸ਼ਟ ਤੌਰ ਤੇ ਸਹਿਮਤ ਹੋਏ ਮਕਸਦ ਦੇ ਲਈ ਹੀ ਦਿੱਤੀ ਗਈ ਹੋਣੀ ਚਾਹੀਦੀ ਹੈ। ਇਹ ‘ਸਹਿਮਤੀ-ਭਾਵ’ (implied) ਜਾਂ ‘ਮੰਨ ਲਿੱਤੀ ਗਈ (presumed)’ ਨਹੀਂ ਹੋ ਸਕਦੀ, ਜਾਂ ਮੂਲ ਸੈਟਿੰਗ (default setting) ਜਾਂ ਪਹਿਲਾਂ ਤੋਂ ਹੀ ਚੋਣ ਕੀਤੇ ਗਏ ਵਿਕਲਪ ਦੇ ਨਾਲ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਇਜਾਜ਼ਤ ਦੇਣ ਤੋਂ ਪਹਿਲਾਂ ਤੁਸੀਂ ਇਸ ਗੱਲ ਬਾਰੇ ਪੂਰੀ ਤਰ੍ਹਾਂ ਨਾਲ ਜਾਣੂ ਹੋਣੇ ਚਾਹੀਦੇ ਹੋ ਕਿ ਤੁਹਾਡਾ ਡਾਟਾ ਕਿਵੇਂ ਇਸਤੇਮਾਲ ਕੀਤਾ ਜਾਵੇਗਾ।
ਤੁਸੀਂ ਚੋਣ ਕਰ ਸਕਦੇ ਹੋ ਕਿ ਕਿਹੜਾ ਡਾਟਾ ਸਾਂਝਾ ਕੀਤਾ ਜਾਵੇ, ਉਹ ਕਿਵੇਂ ਇਸਤੇਮਾਲ ਕੀਤਾ ਜਾਵੇਗਾ ਅਤੇ ਤੁਸੀਂ ਕਿੰਨੀ ਦੇਰ ਤੱਕ ਇਸ ਨੂੰ CDR ਪ੍ਰਣਾਲੀ ਰਾਹੀਂ ਸਾਂਝਾ ਕਰਨਾ ਚਾਹੁੰਦੇ ਹੋ।
ਤੁਸੀਂ ਕਿਸੇ ਵੀ ਵੇਲੇ ਆਪਣੇ ਡਾਟੇ ਨੂੰ ਸਾਂਝਾ ਕਰਨਾ ਬੰਦ ਕਰ ਸਕਦੇ ਹੋ। ਤੁਹਾਡੇ CDR ਡਾਟੇ ਦੇ ਇਸਤੇਮਾਲ ਕੀਤੇ ਜਾਣ ਦੀ ਤੁਹਾਡੀ ਸਹਿਮਤੀ ਦੀ ਮਿਆਦ 12 ਮਹੀਨਿਆਂ ਬਾਅਦ ਖਤਮ ਹੋ ਜਾਂਦੀ ਹੈ।
ਕਿਸੇ ਮਾਨਤਾ ਪ੍ਰਾਪਤ ਪ੍ਰਦਾਨਕਰਤਾ ਨੂੰ ਚਾਹੀਦਾ ਹੈ ਕਿ ਸਿਰਫ਼ ਅਜਿਹੇ ਡਾਟੇ ਦੀ ਪ੍ਰਾਪਤੀ ਲਈ ਤੁਹਾਡੇ ਕੋਲੋਂ ਇਜਾਜ਼ਤ ਮੰਗੇ ਜਿਸ ਡਾਟੇ ਦੀ ਲੋੜ ਵਾਜਬ ਤੌਰ ਤੇ ਕਿਸੇ ਉਤਪਾਦ ਜਾਂ ਸੇਵਾ ਨੂੰ ਪ੍ਰਦਾਨ ਕਰਨ ਦੇ ਲਈ ਹੋਵੇ।
ਕੀ ਮੈਂ CDR ਦਾ ਡਾਟਾ ਕਿਸੇ ਸੰਯੁਕਤ ਖਾਤੇ (joint account) ਤੋਂ ਸਾਂਝਾ ਕਰ ਸਕਦਾ/ਸਕਦੀ ਹਾਂ?
ਜੇ ਤੁਸੀਂ ਕਿਸੇ ਸੰਯੁਕਤ ਖਾਤੇ ਤੋਂ ਜਾਣਕਾਰੀ ਪ੍ਰਾਪਤ ਜਾਂ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅਤੇ ਦੂਜੇ ਖਾਤਾ ਧਾਰਕ ਦੋਹਾਂ ਨੂੰ ਸਹਿਮਤ ਹੋਣਾ ਹੋਵੇਗਾ ਕਿ ਇਹ ਕੀਤਾ ਜਾ ਸਕਦਾ ਹੈ। ਤੁਹਾਡਾ ਸੇਵਾ ਪ੍ਰਦਾਨ ਕਰਤਾ ਕਿਸੇ ਔਨਲਾਇਨ ਖਾਤਾ ਪ੍ਰਬੰਧਨ ਸੇਵਾ ਰਾਹੀਂ, ਤੁਹਾਨੂੰ ਤੁਹਾਡੀਆਂ ਪਹਿਲੀਆਂ ਪਸੰਦਾਂ (preferences) ਨੂੰ ਜ਼ਾਹੀਰ ਕਰਣ ਦੀ ਇਜਾਜ਼ਤ ਦੇਵੇਗਾ।
ਇਸ ਸੇਵਾ ਰਾਹੀਂ, ਤੁਸੀਂ ਅਤੇ ਦੂਜਾ ਖਾਤਾ ਧਾਰਕ ਦੋਵੇਂ ਆਪਣੀਆਂ ਪਸੰਦਾਂ ਦਾ ਪ੍ਰਬੰਧਨ ਕਰ ਸਕਦੇ ਹੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਜੇ ਦੂਜਾ ਖਾਤਾ ਧਾਰਕ ਤੁਹਾਡੇ ਪੱਖੋਂ CDR ਡਾਟੇ ਦੇ ਸਾਂਝੇ ਕੀਤੇ ਜਾਣ ਦੀ ਬੇਨਤੀ ਪਾਵੇ ਤਾਂ ਕੀ ਤੁਸੀਂ ਇਸ ਚੀਜ਼ ਨਾਲ ਖੁਸ਼ ਹੋ।
ਮੈਂ ਆਪਣੇ CDR ਦੇ ਡਾਟੇ ਦਾ ਪ੍ਰਬੰਧਨ ਕਿਸ ਤਰੀਕੇ ਨਾਲ ਕਰ ਸਕਦਾ/ਸਕਦੀ ਹਾਂ?
CDR ਪ੍ਰਦਾਨਕਰਤਾਵਾਂ ਲਈ ਲਾਜ਼ਮੀ ਹੈ ਕਿ ਤੁਹਾਡੇ ਲਈ ਇੱਕ ਔਨਲਾਇਨ ਖਪਤਕਾਰ ਡੈਸ਼ਬੋਰਡ ਉਪਲਬਧ ਕਰਵਾਉਣ ਜਿਸ ਦੇ ਨਾਲ ਤੁਸੀਂ ਆਪਣੇ ਡਾਟੇ ਦੇ ਸਾਂਝੇ ਕੀਤੇ ਜਾਣ ਦੀ ਗਤੀਵਿਧੀ ਦਾ ਪ੍ਰਬੰਧਨ ਕਰ ਸਕੋ।
ਤੁਸੀਂ ਕਿਸ/ਕਿਨ੍ਹਾਂ ਚੀਜ਼ਾਂ ਲਈ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਤੁਹਾਡਾ ਡਾਟਾ ਕਿਸ/ਕਿਨ੍ਹਾਂ ਚੀਜ਼ਾਂ ਲਈ ਇਸਤੇਮਾਲ ਹੋ ਰਿਹਾ ਹੈ, ਤੁਹਾਨੂੰ ਇਸ ਦੀ ਜਾਣਕਾਰੀ ਤੁਹਾਡੇ ਔਨਲਾਇਨ ਡੈਸ਼ਬੋਰਡ ਰਾਹੀਂ ਮਿਲੇਗੀ।
ਔਨਲਾਇਨ ਡੈਸ਼ਬੋਰਡ ਤੁਹਾਨੂੰ ਇਸ ਚੀਜ਼ ਦੀ ਸਮਰੱਥਾ ਵੀ ਦੇਵੇਗਾ ਕਿ ਆਪਣੀ ਸਹਿਮਤੀ ਵਾਪਸ ਲੈ ਲਵੋ, ਅਤੇ ਇਹ ਕਹਿ ਸਕੋ ਕਿ ਜਿਸ ਵਕਤ ਤੋਂ ਬਾਅਦ ਤੁਹਾਡੇ ਡਾਟੇ ਦੀ ਲੋੜ ਨਾ ਰਹਿ ਜਾਵੇ, ਉਸ ਡਾਟੇ ਨੂੰ ਮਿਟਾ ਦਿੱਤਾ ਜਾਵੇ।
CDR ਪ੍ਰਣਾਲੀ ਹੇਠ ਆਉਂਦੇ ਕਾਰੋਬਾਰਾਂ ਨੂੰ ਲਾਜ਼ਮੀ ਤੌਰ ਤੇ ਇੱਕ ‘CDR ਨੀਤੀ’ ਤਿਆਰ ਕਰ ਕੇ ਤੁਹਾਨੂੰ ਉਪਲਬਧ ਕਰਵਾਉਣੀ ਹੁੰਦੀ ਹੈ। ਇਸ ਵਿੱਚ ਲਾਜ਼ਮੀ ਤੌਰ ਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਡੇ CDR ਡਾਟਾ ਦਾ ਪ੍ਰਬੰਧਨ ਕਿਸ ਤਰੀਕੇ ਨਾਲ ਕੀਤਾ ਜਾਵੇਗਾ। ਇਹ ਤੁਹਾਨੂੰ ਇਸ ਬਾਰੇ ਵੀ ਦੱਸੇਗਾ ਕਿ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਡਾਟੇ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ ਤਾਂ ਕੀ ਕਰਨਾ ਚਾਹੀਦਾ ਹੈ ।
ਮੈਂ ਆਪਣੇ CDR ਡਾਟੇ ਨੂੰ ਸਹੀ ਕਿਸ ਤਰੀਕੇ ਨਾਲ ਕਰ ਸਕਦਾ/ਸਕਦੀ ਹਾਂ?
ਜੇ ਤੁਹਾਡਾ CDR ਡਾਟਾ ਗਲਤ, ਪੁਰਾਣਾ ਹੋ ਚੁੱਕਿਆ, ਅਧੂਰਾ ਜਾਂ ਗੁਮਰਾਹ ਕਰਣ ਯੋਗ ਹੋਵੇ, ਤਾਂ ਤੁਹਾਡਾ ਹੱਕ ਹੈ ਕਿ ਆਪਣੇ ਡਾਟੇ ਨੂੰ ਸਹੀ ਕਰਨ ਲਈ ਕਹਿ ਸਕੋ।
ਜੇ ਤੁਹਨੂੰ ਲੱਗਦਾ ਹੈ ਕਿ ਤੁਹਾਡਾ CDR ਡਾਟਾ ਗਲਤ ਹੈ, ਤਾਂ ਤੁਸੀਂ ਉਹਵਪਾਰ ਨੂੰ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਨੂੰ ਸਹੀ ਕਰਨ ਲਈ ਕਹਿ ਸਕਦੇ ਹੋ।
ਜੇ ਉਹ ਵਪਾਰ ਤੁਹਾਡੇ CDR ਡਾਟੇ ਨੂੰ ਸਹੀ ਨਹੀਂ ਕਰਦਾ, ਤਾਂ ਉਨ੍ਹਾਂ ਨੂੰ ਲਾਜ਼ਮੀ ਤੌਰ ਤੇ ਤੁਹਾਨੂੰ ਦੱਸਣਾ ਹੋਵੇਗਾ ਕਿ ਅਜਿਹਾ ਕਿਓਂ ਅਤੇ ਸਮਝਾਉਣਾ ਹੋਵੇਗਾ ਕਿ ਜੇ ਤੁਸੀਂ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਿਵੇਂ ਕਰ ਸਕਦੇ ਹੋ।
ਮੇਰੀ ਨਿੱਜਤਾ ਦੀ ਸੁਰੱਖਿਆ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ?
ਕੋਈ ਵਪਾਰ ਤੁਹਾਡੇ CDR ਡਾਟਾ ਨੂੰ ਸਿਰਫ਼ ਤਾਂ ਹੀ ਵਰਤ ਸਕਦਾ ਹੈ ਜੇ ਉਹ ACCC ਵੱਲੋਂ ਮਾਨਤਾ ਪ੍ਰਾਪਤ ਹੋਵੇ ਅਤੇ ਇਨ੍ਹਾਂ ਸਬੰਧਤ ਸਖਤ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ:
- ਡਾਟਾ ਪ੍ਰਾਪਤੀ, ਇਸਤੇਮਾਲ ਅਤੇ ਇੱਕ ਥਾਈਂ ਰੱਖਣਾ (storage)
- ਜਾਣਕਾਰੀ ਸੁਰੱਖਿਆ (Information security)
- ਤੁਹਾਡੀ ਨਿੱਜਤਾ ਦੀ ਸੁਰੱਖਿਆ
- ਤੁਹਾਡੀ ਸਹਿਮਤੀ ਪ੍ਰਾਪਤ ਕਰਨੀ।
ਜੇ ਉਹ ਇਨ੍ਹਾਂ ਲੋੜਾਂ ਨੂੰ ਪੂਰਾ ਨਹੀਂ ਕਰਦੇ, ਤਾਂ ਉਹ ਆਪਣੀ ਮਾਨਤਾ (accreditation) ਨੂੰ ਮੁਅੱਤਲ ਜਾਂ ਰੱਦ ਕਰਵਾ ਸਕਦੇ ਹਨ, ਜਾਂ ਉਨ੍ਹਾਂ ਉੱਪਰ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਨਿਯਮਾਂ ਅਨੁਸਾਰ ਕੋਈ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ।
ਇਕੱਲੇ ਤੁਸੀਂ ਹੀ ਅਜਿਹੇ ਵਿਅਕਤੀ ਹੋ ਜੋ ਕਿਸੇ ਮਾਨਤਾ ਪ੍ਰਾਪਤ ਵਪਾਰ ਵੱਲ ਡਾਟੇ ਦੇ ਤਬਾਦਲੇ (ਟ੍ਰਾਂਸਫਰ) ਲਈ ਬੇਨਤੀ ਕਰ ਸਕਦਾ ਹੈ, ਅਤੇ ਤੁਸੀਂ ਨਿਯੰਤਰਣ ਕਰਦੇ ਹੋ ਕਿ ਕਿਹੜਾ ਡਾਟਾ ਤੁਸੀਂ ਸਾਂਝਾ ਕਰਦੇ ਹੋ, ਕਿਸ ਉਦੇਸ਼ ਨਾਲ ਅਤੇ ਕਿੰਨੀ ਦੇਰ ਦੇ ਲਈ ਸਾਂਝਾ ਕਰਦੇ ਹੋ।
ਇੱਕ ਵਾਰ ਜਦੋਂ ਤੁਸੀਂ ਆਪਣੀ ਸਹਿਮਤੀ ਦੇ ਦਿੰਦੇ ਹੋ, ਤੁਹਾਡੇ CDR ਡਾਟੇ ਦਾ ਇੱਕ ਸੁਰੱਖਿਅਤ ਔਨਲਾਇਨ ਪ੍ਰਣਾਲੀ ਰਾਹੀਂ ਤਬਾਦਲਾ ਕਰ ਦਿੱਤਾ ਜਾਂਦਾ ਹੈ।
ਮੇਰਾ ਡਾਟਾ ਕਿਵੇਂ ਸੁਰੱਖਿਅਤ ਕੀਤਾ ਜਾਂਦਾ ਹੈ?
ਡਾਟਾ ਸੁਰੱਖਿਆ ਲਈ ਲੋੜੀਂਦੀਆਂ ਚੀਜ਼ਾਂ ਦਾ ਨਿਰਮਾਣ CDR ਪ੍ਰਣਾਲੀ ਵਿੱਚ ਹੀ ਕਰ ਦਿੱਤਾ ਗਿਆ ਹੈ। ਮਾਨਤਾ ਪ੍ਰਾਪਤ ਪ੍ਰਦਾਨਕਰਤਾਵਾਂ ਲਈ ਲਾਜ਼ਮੀ ਹੁੰਦਾ ਹੈ ਕਿ ਜਾਣਕਾਰੀ ਸੁਰੱਖਿਆ (Information security) ਦੀਆਂ ਸ਼ਰਤਾਂ ਜੋ ਕਿ ਸ਼ਾਸਨ (governance), ਘੱਟ ਤੋਂ ਘੱਟ ਪ੍ਰਣਾਲੀ ਨਿਯੰਤਰਣ (system controls), ਟੈਸਟਿੰਗ, ਨਜ਼ਰ ਬਣਾਈ ਰੱਖਣ (monitoring), ਮੁਲਾਂਕਣ (evaluation) ਅਤੇ ਰਿਪੋਰਟਿੰਗ ਲਈ ਬਣਾਈਆਂ ਗਈਆਂ ਹਨ, ਉਨ੍ਹਾਂ ਦੀ ਪਾਲਣਾ ਕਰਨ। ਆਮ ਤੌਰ ਤੇ, ਉਨ੍ਹਾਂ ਨੂੰ ਚਾਹੀਦਾ ਹੈ ਕਿ ਜੇ ਤੁਹਾਡਾ ਡਾਟਾ ਅੱਗੇ ਲਈ ਨਾ ਚਾਹੀਦਾ ਹੋਵੇ, ਤਾਂ ਉਸ ਨੂੰ ਖਤਮ ਕਰ ਦੇਣ ਜਾਂ ਉਸ ਨੂੰ ਪਹਿਚਾਣ-ਮੁਕਤ ਬਣਾ ਦੇਣ।
ਪ੍ਰਦਾਨਕਰਤਾਵਾਂ ਲਈ ਲਾਜ਼ਮੀ ਹੈ ਕਿ Notifiable Data Breaches scheme (ਸੂਚਨਾਬੱਧ ਡਾਟਾ ਦੀ ਉਲੰਘਣਾ ਹੋਣ ਸਬੰਧੀ ਸਕੀਮ) ਦੀ ਪਾਲਣਾ ਕਰਨ, ਜਿਸ ਵਿੱਚ ਇਹ ਸ਼ਾਮਲ ਹੈ ਕਿ ਤੁਹਾਨੂੰ ਅਤੇ OAIC ਨੂੰ ਡਾਟਾ ਦੀ ਹੋਈ ਕਿਸੇ ਵੀ ਗੰਭੀਰ ਉਲੰਘਣਾ ਬਾਰੇ ਦੱਸਣ।
ਭਾਵੇਂ ਬਚਾਅ ਦੇ ਮਜਬੂਤ ਤਰੀਕੇ ਲਾਗੂ ਹਨ, ਤੁਹਾਨੂੰ ਚਾਹੀਦਾ ਹੈ ਕਿ ਔਨਲਾਇਨ ਹਮੇਸ਼ਾ ਆਪਣੀ ਸੁਰੱਖਿਆ ਆਪ ਕਰੋ। ਇੱਕ ਮਾਨਤਾ ਪ੍ਰਾਪਤ ਪ੍ਰਦਾਨਕਰਤਾ CDR ਡਾਟਾ ਸਾਂਝਾ ਕਰਨ ਦੇ ਲਈ ਕਦੀ ਵੀ ਤੁਹਾਡਾ ਨਿੱਜੀ ਪਾਸਵਰਡ ਨਹੀਂ ਪੁੱਛੇਗਾ।
ਮੈਂ ਸ਼ਿਕਾਇਤ ਕਿਵੇਂ ਕਰ ਸਕਦਾ/ਸਕਦੀ ਹਾਂ?
ਜੇ ਤੁਹਾਨੂੰ ਇਸ ਬਾਰੇ ਕੋਈ ਚਿੰਤਾ ਹੈ ਕਿ ਜਿਸ ਵਪਾਰ ਕੋਲੋਂ ਤੁਸੀਂ ਆਪਣਾ ਡਾਟਾ ਮੰਗਿਆ ਹੈ, ਜਾਂ ਜਿਸ ਵਪਾਰ ਕੋਲ ਤੁਸੀਂ ਆਪਣਾ ਡਾਟਾ ਭੇਜ ਰਹੇ ਹੋ, ਉਨ੍ਹਾਂ ਵਿੱਚੋਂ ਕਿਸ ਨੇ ਤੁਹਾਡਾ ਡਾਟਾ ਕਿਵੇਂ ਵਰਤਿਆ ਹੈ, ਤਾਂ ਤੁਸੀਂ ਇਸ ਦੀ ਸ਼ਿਕਾਇਤ ਸਾਡੇ ਕੋਲ ਕਰਵਾ ਸਕਦੇ ਹੋ।
ਤੁਹਾਡੇ ਵਿਚਾਰ ਵਿੱਚ ਜਿਹੜੇ ਵਪਾਰ ਨੇ ਤੁਹਾਡੇ ਡਾਟੇ ਦਾ ਗਲਤ ਇਸਤੇਮਾਲ ਕੀਤਾ ਹੈ ਜਾਂ ਤੁਹਾਡੀ ਨਿੱਜਤਾ ਦੀ ਉਲੰਘਣਾ ਕੀਤੀ ਹੈ, ਤੁਹਾਨੂੰ ਪਹਿਲਾਂ ਉਸ ਵਪਾਰ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਜਵਾਬ ਦੇਣ ਦੇ ਲਈ ਜਾਇਜ਼ ਸਮਾਂ ਦੇਣਾ ਚਾਹੀਦਾ ਹੈ। ਅਸੀਂ ਸੋਚਦੇ ਹਾਂ ਕਿ 30 ਦਿਨ ਇੱਕ ਜਾਇਜ਼ ਅਵਧੀ ਹੈ।
ਜੇ ਉਹ ਤੁਹਾਡੀ ਸ਼ਿਕਾਇਤ ਦਾ ਜਵਾਬ ਨਹੀਂ ਦਿੰਦੇ, ਜਾਂ ਜੇ ਤੁਸੀਂ ਉਨ੍ਹਾਂ ਦੇ ਜਵਾਬ ਦੇ ਨਾਲ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਸਾਨੂੰ ਸ਼ਿਕਾਇਤ ਕਰ ਸਕਦੇ ਹੋ।
ਸੰਭਵ ਹੈ ਕਿ ਅਸੀਂ ਇਸ ਦੀ ਪੜਤਾਲ ਕਰੀਏ ਅਤੇ ਵਿਅਕਤੀਆਂ ਜਾਂ ਖਾਸ ਵਪਾਰਾਂ ਵੱਲੋਂ ਪਈਆਂ ਗਈਆਂ ਨਿੱਜਤਾ ਨਾਲ ਜੁੜੀਆਂ ਸ਼ਿਕਾਇਤਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ।
ਆਮ ਤੌਰ ਤੇ, ਸ਼ਿਕਾਇਤ ਪਿਛਲੇ 12 ਮਹੀਨਿਆਂ ਦੇ ਅੰਦਰ ਅੰਦਰ ਵਾਪਰੇ ਕਿਸੇ ਮਾਮਲੇ ਬਾਰੇ ਹੋਣੀ ਚਾਹੀਦੀ ਹੈ।
ਹੋ ਸਕਦਾ ਹੈ ਕਿ ਕੁਝ ਸ਼ਿਕਾਇਤਾਂ ਅਸੀਂ ਕਿਸੇ ਬਾਹਰਲੀ ਵਿਵਾਦ ਦਾ ਹੱਲ ਕੱਢਣ ਵਾਲੀ ਸਕੀਮ ਨੂੰ ਜਾਂ Australian Competition and Consumer Commission (ਔਸਟ੍ਰੇਲੀਅਨ ਮੁਕਾਬਲੇਬਾਜ਼ੀ ਅਤੇ ਖਪਤਕਾਰ ਕਮੀਸ਼ਨ) (ACCC) ਵੱਲ ਨੂੰ ਭੇਜ ਦੇਈਏ, ਜੇ ਸਾਡੇ ਵਿਚਾਰ ਵਿੱਚ ਇਹ ਸਥਾਨ ਉਸ ਮਾਮਲੇ ਨਾਲ ਨਜਿੱਠਣ ਲਈ ਸਭ ਤੋਂ ਉਚਿਤ ਹਨ।
ਜੇ ਨਿੱਜਤਾ ਦੀ ਸੁਰੱਖਿਆ ਲਈ ਬਣਾਏ ਗਏ ਤਰੀਕਿਆਂ ਜਾਂ ਨਿਯਮਾਂ ਦੀ ਹੋਈ ਉਲੰਘਣਾ ਕਰ ਕੇ ਤੁਸੀਂ ਕਿਸੇ ਨੁਕਸਾਨ ਜਾਂ ਵਿਗਾੜ ਦਾ ਸਾਮ੍ਹਣਾ ਕੀਤਾ ਹੋਵੇ, ਤਾਂ CDR ਪ੍ਰਣਾਲੀ ਅਧੀਨ ਤੁਹਾਡੇ ਕੋਲ ਇਹ ਹੱਕ ਵੀ ਹੈ ਕਿ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਤੁਸੀਂ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਸਕਦੇ ਹੋ।
ਤੁਸੀਂ ਸਾਡੇ ਕੋਲ oaic.gov.au/cdr-complaints ਉੱਤੇ ਸ਼ਿਕਾਇਤ ਕਰ ਸਕਦੇ ਹੋ
CDR ਬਾਰੇ ਵਧੇਰੇ ਜਾਣਕਾਰੀ ਲਈ ਵੇਖੋ cdr.gov.au ਅਤੇ oaic.gov.au/cdr